ਸਦਾ ਜੀਵਣਾ ਨਹੀਂ ਜਹਾਨ ਅੰਦਰ -- ਸ: ਕਰਤਾਰ ਸਿੰਘ ਸਰਾਭਾ ਅਤੇ ਸਾਥੀ






ਸਦਾ ਜੀਵਣਾ ਨਹੀਂ ਜਹਾਨ ਅੰਦਰ,
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ!
ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ,
ਸਦਾ ਜਾਬਰਾਂ ਹੱਥ ਤਲਵਾਰ ਨਾਹੀਂ!
ਰੰਗ ਬਦਲਦੀ ਰਹੇਗੀ ਸਦਾ ਕੁਦਰਤ,
ਬਣਦਾ ਵਕਤ ਕਿਸੇ ਦਾ ਯਾਰ ਨਾਹੀਂ।
ਹੋਸੀ ਧਰਮ ਦੀ ਜਿੱਤ ਅਖ਼ੀਰ ਬੰਦੇ,
ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ!
ਸਾਡੇ ਵੀਰਨੋਂ ਤੁਸਾਂ ਨੇ ਖ਼ੁਸ਼ ਰਹਿਣਾ,
ਅਸੀਂ ਆਪਣੀ ਆਪ ਨਿਭਾ ਦਿਆਂਗੇ!
ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ,
ਨਾਲ ਖ਼ੁਸ਼ੀ ਦੇ ਸੀਸ ਲਗਾ ਦਿਆਂਗੇ!
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ,
ਜੜ੍ਹ ਜ਼ੁਲਮ ਦੀ ਪੁਟ ਵਿਖਾ ਦਿਆਂਗੇ!
ਥੋੜ੍ਹੇ ਦਿਨਾਂ ਤਾਈਂ ਬੇੜਾ ਪਾਰ ਹੋਸੀ,
ਸਰ੍ਹੋਂ ਹੱਥ’ਤੇ ਅਸੀਂ ਜਮਾ ਦਿਆਂਗੇ!
ਸਾਡੇ ਵੀਰਨੋਂ ਤੁਸਾਂ ਨਾ ਫਿਕਰ ਕਰਨਾ,
ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ!
ਫਾਂਸੀ, ਤੋਪ, ਬੰਦੂਕ ਤੇ ਤੀਰ ਬਰਛੀ,
ਕਟ ਸਕਦੀ ਨਹੀਂ ਤਲਵਾਰ ਸਾਨੂੰ!
ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ!
ਖ਼ਾਤਰ ਧਰਮ ਦੇ ਗੁਰਾਂ ਨੇ ਪੁੱਤਰ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ!

Comments

Popular posts from this blog

Bazi lai gaye kutte : Baba Bulle Shah.

ਮਾਂ ( Mother ) - By Prof. Mohan Singh.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.